ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
ਮਾਸ ਦਾ ਝਗੜਾ ਬਹੁਤ (ਸਦੀਆਂ) ਪੁਰਾਣਾਂ ਹੈ। (ਝਗੜਾ ਕੋਈ ਵੀ ਜਾਂ ਕਿਸੇ ਵੀ ਤਰਾਂ ਦਾ ਹੀ ਕਿਉਂ ਨਾਂ ਹੋਵੇ, ਇਹ ਮੂਰਖਤਾ ਜਾਂ ਮਨਮੁਖਤਾ ਦੀ ਨਿਸ਼ਾਨੀਂ ਹੈ। ਗੁਰਮੁਖ ਕਦੇ ਵੀ ਝਗੜਾ ਨਹੀਂ ਕਰਦੇ।) ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਮੂਰਖ ਮਾਸ ਦਾ ਝਗੜਾ ਪਾਈ ਬੈਠੇ ਹਨ, ਪਰ ਸਚਾਈ ਦਾ ਕਿਸੇ ਨੂੰ ਵੀ ਕੋਈ ਗਿਆਨ ਨਹੀਂ ਹੈ। …… ਕੋਈ ਵੀ ਗਿਆਨ ਧਿਆਨ ਧਰਮ ਜਾਂ ਸੱਚ ਨੂੰ ਨਹੀਂ ਜਾਣਦਾ, ਕਿ ਮਾਸ ਅਤੇ ਸਾਗ ਵਿੱਚ ਅਸਲ ਵਿੱਚ ਫਰਕ ਕੀ ਹੈ, ਅਤੇ ਕਿਸ ਦੇ ਖਾਣ ਵਿੱਚ ਪਾਪ ਹੈ, ਅਤੇ ਕਿਸ ਦੇ ਖਾਣ ਵਿੱਚ ਪੁੰਨ ਹੈ।
ਗੁਰਬਾਣੀਂ ਦੀ ਇਸ ਕੜੀ ਕਿਸੁ ਮਹਿ ਪਾਪ ਸਮਾਣੇ ਅਨੁਸਾਰ ਕੀ ਕੋਈ ਦੱਸੇ ਗਾ ਕਿ ਕਿਸ ਦੇ ਖਾਣ ਵਿੱਚ ਪੁੰਨ ਹੈ, ਭਾਵ ਕਿਹੜੀ ਚੀਜ ਖਾਣੀਂ ਜਾਇਜ ਹੈ, ਅਤੇ ਕਿਹੜੀ ਚੀਜ ਨਜਾਇਜ ਹੈ।ਗੁਰਬਾਣੀਂ ਦੀ ਇਸ ਕੜੀ ਦਾ ਜੇ ਇਹ ਅਰਥ ਲਈਏ, ਕਿ ਪੰਡਤਾਂ ਨੂੰ, ਜਾਂ ਸ਼ਾਕਾਹਾਰੀਆਂ ਨੂੰ, ਜਾਂ ਮਾਸ ਖਾਣ ਦਾ ਵਿਰੋਧ ਕਰਨ ਵਾਲਿਆਂ ਨੂੰ ,,,,,, ਕੋਈ ਗਿਆਨ ਨਹੀਂ ਹੈ, ਉਹ ਮੂਰਖ ਹਨ। ਐਵੇਂ ਝਗੜਦੇ ਹਨ।
ਤਾਂ ਜਿਹੜੇ ਮਾਸ ਖਾਂਣ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਕੀ ਉਹਨਾਂ ਨੂੰ ਗਿਆਨ ਹੈ? ਕੀ ਉਹ ਗਿਆਨ ਧਿਆਨ ਜਾਣਦੇ ਹਨ? ਕੀ ਗੁਰਬਾਣੀਂ ਦੀ ਇਸ ਕੜੀ ਤੋਂ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ? ਕਿ ਮਾਸ ਖਾਣ ਵਾਲਿਆਂ ਨੂੰ ਤਾਂ ਗਿਆਨ ਹੈ, ਪਰ ਸਿਰਫ ਪੰਡਤਾਂ ਨੂੰ ਗਿਆਨ ਨਹੀਂ ਹੈ, ਅਤੇ ਉਹ ਮੂਰਖ ਹਨ। ਝਗੜਾ ਦੋਹਾਂ ਵਿੱਚ ਹੈ, ਦੋਵੇਂ ਹੀ ਮੂਰਖ ਹੋ ਸੱਕਦੇ ਹਨ।
ਮਾਸ ਖਾਣ ਦੇ ਹਕ ਵਿੱਚ ਬੋਲਣ ਵਾਲਾ ਵੀ, ਅਤੇ ਵਿਰੋਧ ਕਰਨ ਵਾਲਾ ਵੀ। ਗੁਰਬਾਣੀਂ ਅਨੂੰਸਾਰ ਜੇ ਮਾਸ ਖਾਣ ਵਾਲਾ ਮੂਰਖ ਵੀ ਸਿੱਧ ਹੋਵੇ। ਅਤੇ ਜੇਕਰ ਗੁਰਬਾਣੀਂ ਅਨੂਸਾਰ ਮਾਸ ਖਾਣ ਦਾ ਵਿਰੋਧ ਕਰਨ ਵਾਲਾ, ਜਾਂ ਪੰਡਿਤ ਸੱਚਾ ਵੀ ਹੋਵੇ, ਕਿ ਮਾਸ ਖਾਣ ਵਿੱਚ ਸੱਚਮੁਚ ਪਾਪ ਹੈ, ਤਾਂ ਉਹ ,,,,,,, (ਵਿਰੋਧ ਕਰਨ ਵਾਲਾ ਫਿਰ ਵੀ ਮੂਰਖ ਹੈ। (ਇਹ ਵੀ ਗੁਰਬਾਣੀਂ ਸਿੱਧ ਕਰੇ ਗੀ) ਝਗੜਾ ਕਰਨ ਵਾਲੇ ਦੋਵੇਂ ਹੀ ਮੂਰਖ ਹਨ। ਪਰ ਗੁਰੂ ਨਾਨਕ ਦਾ ਸਿੱਖ ਕਦੇ ਮੂਰਖ ਨਹੀਂ ਹੋ ਸੱਕਦਾ। ਗੁਰੂ ਨਾਨਕ ਦਾ ਸਿੱਖ ਸੋਈ ਕਹੇ/ਕਰੇ ਗਾ, ਜੋ ਗੁਰੂ ਨਾਨਕ ਕਹੇ ਗਾ।
ਜੇ ਕੋਈ ਗੁਰੂ ਨਾਨਕ ਦੇ ਉਲਟ ਬੋਲੇ ਗਾ, ਜਾਂ ਜੋ ਕੋਈ ਗੁਰੂ ਨਾਨਕ ਦੀ ਰਮਜ ਨੂੰ ਹੀ ਸਮਝ ਨਹੀਂ ਸੱਕਦਾ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸੱਕਦਾ।
ਗੁਰੂ ਨਾਨਕ ਦੇਵ ਜੀ ਨੇਂ ਇਸ ਸ਼ਬਦ ਰਾਹੀਂ, ਮਾਸ ਖਾਣ ਵਾਲੇ, ਅਤੇ ਮਾਸ ਖਾਣ ਦਾ ਵਿਰੋਧ ਕਰਨ ਵਾਲੇ, ਲੋਕਾਂ ਦਾ ਝਗੜਾ ਖਤਮ ਕਰਨ ਵਾਸਤੇ, ਸਿਰਫ ਸਮਝਾਇਆ ਹੈ, ਕਿਸੇ ਦੇ ਵੀ (ਮਾਸ ਖਾਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਦੇ) ਹੱਕ ਵਿੱਚ ਫਤਵਾ ਨਹੀਂ ਦਿੱਤਾ। (ਜੋ ਫਤਵਾ ਦਿੱਤਾ ਹੈ, ਉਸ ਨੂੰ ,,,,,,,, ਕੋਈ ਨਹੀਂ ਸਮਝਦਾ, ਸੱਭ ਉਸ ਦੇ ਉਲਟ ਸਮਝੀ ਜਾਂਦੇ ਹਨ)
ਇਹ ਬਿਲਕੁਲ ਸੱਚ ਹੈ, ਕਿ ਮਾਸ ਖਾਣਾਂ ਜੇ ਪਾਪ ਹੈ, ਤਾਂ ਸਾਗ ਖਾਣ ਵਿੱਚ ਵੀ ਕੋਈ ਪੁੰਨ ਨਹੀਂ ਹੈ। ਪਰ ਕਿਊਂ? ਅਤੇ ਕਿਵੇਂ? ਇਹ ਵੀ ਵਿਚਾਰਨ ਵਾਲੀ ਗੱਲ ਹੈ। ਇਸ ਦਾ ਫੈਸਲਾ ਵੀ ਗੁਰਬਾਣੀਂ ਕਰੇ ਗੀ।
ਗੁਰੂ ਨਾਨਕ ਦੇਵ ਜੀ ਪਾਂਡੇ ਨੂੰ ਸੰਬੋਧਨ ਕਰ ਕੇ ਕਹਿ ਰਹੇ ਹਨ, ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥ ਮ: ੧ ਪਾਠਕ ਵੀਰੋ ਇਹ ਊਪਰ ਵਾਲਾ ਗੁਰੂ ਨਾਨਕ ਦੇਵ ਦਾ ਬਚਨ ਹੈ, ਗੁਰੂ ਦੀ ਬਾਣੀਂ ਸਤਿ ਹੈ, ਸੱਚਮੁਚ ਹੀ ਮਾਸ ਅੰਨ ਕਪਾਹ ਕਮਾਦ ਵਿੱਚ ਕੋਈ ਫਰਕ ਨਹੀਂ ਹੈ। ਪਰ ਕਿਵੇਂ? ਇਹ ਵੀ ਇੱਕ ਸਵਾਲ ਹੈ। ਜਦੋਂ ਇਹ ਬਾਣੀਂ ਰਚੀ ਗਈ ਸੀ, ਉਸ ਵਕਤ ਜਾਂ (ਉਸ ਤੋਂ ਪਹਿਲੇ) ਸਿੱਖ ਤਾਂ ਹੈ ਹੀ ਨਹੀਂ ਸਨ, ਜੇ ਕੁੱਝ ਨਵੇਂ ਨਵੇਂ ਸਿੱਖ ਹੈਨ ਵੀ ਸਨ, ਤਾਂ ਉਹਨਾਂ ਵਿੱਚ ਇਹ ਮਾਸ ਦਾ ਝਗੜਾ ਤਾਂ ਬਿਲਕੁਲ ਹੀ ਨਹੀਂ ਸੀ। ਅਤੇ ਨਾਂ ਹੀ ਇਹ ਕੋਈ ਹਿੰਦੂ/ਸਿੱਖ, ਜਾਂ ਬ੍ਰਾਹਮਣ/ਸਿੱਖ ਦਾ ਝਗੜਾ ਸੀ। ਉਸ ਵਕਤ ਮਾਸ ਦਾ ਝਗੜਾ ਕਰਨ ਵਾਲੇ ਦੋਵੇਂ ਪੱਖ ਹੀ ਹਿੰਦੂ ਜਾਂ ਗੈਰ ਸਿੱਖ ਸਨ।
ਜਿਵੇਂ ਕਿ ਅੱਜ ਮਾਸ ਦਾ ਵਿਰੋਧ ਕਰਨ ਵਾਲੇ, ਜਾਂ ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਦੋਵੇਂ ਪਖ ਹੀ, ਸਿੱਖ ਹੀ ਹਨ। ਅਤੇ ਨਾਂ ਹੀ ਉਸ ਵਕਤ ਇਹ ਝਗੜਾ ਸੀ, ਕਿ ਸਿੱਖ ਕਹਿੰਦੇ ਹੋਣ ਕੇ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ। ਪਰ ਬ੍ਰਾਹਮਣ ਕਹਿੰਦੇ ਹੋਣ ਕਿ ਮਾਸ ਖਾਣਾਂ ਪਾਪ ਹੈ। ਜਿਸ ਕਰਕੇ ਕਿ ਗੁਰੂ ਨਾਨਕ ਦੇਵ ਜੀ ਨੇਂ ਇਹ ਸ਼ਬਦ, ਬ੍ਰਾਹਮਣਾਂ ਦੇ ਖਿਲਾਫ ਜਾਂ ਬ੍ਰਾਹਮਣਾਂ ਨੂੰ ਸਮਝਾਉਣ ਵਾਸਤੇ ਲਿਖਿਆ ਹੋਵੇ/ਜਾਂ ਲਿਖਣਾਂ ਪਿਆ ਹੋਵੇ। ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ, ਅਤੇ ਸਿੱਖਾਂ ਨੂੰ ਮਾਸ ਖਾਣ ਦੀ ਛੋਟ ਦੇ ਦਿੱਤੀ ਹੋਵੇ।ਫਿਰ ਵੀ ਜੇ ਇਸ ਸ਼ਬਦ ਦਾ ਅਰਥ ਅਸੀਂ ਇਹ ਲਈਏ, ਜਿਵੇਂ ਕਿ ਸਾਡੇ ਵਿਦਵਾਨ ਵੀਰ ਲੈਂਦੇ ਹਨ, ਕੇ ਗੁਰੂ ਨਾਨਕ ਦੇਵ ਜੀ ਨੇਂ, ਮਾਸ ਦਾ ਇਹ ਝਗੜਾ ਤਾਂ, ਅੱਜ ਤੋਂ ਪੰਜ ਸੌ ਸਾਲ ਪਹਿਲੇ,,,,,,,,, ਹੀ ਖਤਮ ਕਰ ਦਿੱਤਾ ਸੀ, ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ। ਅਤੇ ਮਾਸ ਅਤੇ ਸਾਗ ਖਾਣ ਵਿੱਚ ਕੋਈ ਫਰਕ ਨਹੀਂ ਹੈ। ਤਾਂ ਪਹਿਲੀ ਗੱਲ ਤੇ ਇਹ, ਕੇ ਅਸੀਂ ਤਾਂ ਧੱਕੇ ਨਾਲ ਹੀ ਆਪਣੇਂ ਆਪ ਨੂੰ ਜਾਂ ਗੁਰੂ ਨਾਨਕ ਦੇ ਸਿੱਖਾਂ ਨੂੰ ਇਸ ਝਗੜੇ ਵਿੱਚ ਸ਼ਾਮਲ ਕਰੀ ਜਾਂਦੇ ਹਾਂ।
ਜਦਿਕਿ ਗੁਰੂ ਨਾਨਕ ਦੇ ਸਿੱਖਾਂ ਵਿੱਚ ਤਾਂ, ਮਾਸ ਦਾ ਇਹ ਝਗੜਾ ਹੈ ਹੀ ਨਹੀਂ ਸੀ। ਸਿੱਖ ਹੋਵੇ ਗੁਰੂ ਨਾਨਕ ਦਾ, ਤੇ ਉਸ ਦੇ ਮਨ ਵਿੱਚ ਫਿਰ ਵੀ ਕੋਈ ਵਹਿਮ ਭਰਮ ਜਾਂ ਝਗੜਾ ਰਹਿ ਜਾਵੇ, ਇਹ ਅਨਹੋਣੀਂ ਗੱਲ ਹੈ। ਅੱਜ ਇਹ ਮਾਸ ਦਾ ਝਗੜਾ ਕਰਨ ਵਾਲੇ, ਉਹਨਾਂ ਵਿਦਵਾਨ ਵੀਰਾਂ ਨੂੰ ਇਹ ਬੇਨਤੀ ਹੈ, ਕੇ ਸਭ ਤੋਂ ਪਹਿਲੇ ਤਾ ਉਹ ਇਹ ਦੱਸਣ, ਕਿ ਗੁਰੂ ਨਾਨਕ ਦੇਵ ਜੀ ਜਾਂ ਉਹਨਾਂ ਦੀ ਸੰਗਤ ਵਿਚੋਂ ਕੋਈ ਸਿੱਖ ਮਾਸ ਖਾਂਦਾ ਸੀ? ਕਿਤੇ ਇਸ ਦੀ ਕੋਈ ਮਿਸਾਲ ਜਾਂ ਸਬੂਤ ਮਿਲਦਾ ਹੈ। ਉਹ ਇਸ ਦੀ ਕੋਈ ਉਧਾਰਨ ਜਾਂ ਸਬੂਤ ਜਰੂਰ ਪੇਸ਼ ਕਰਨ। ਸਬੂਤ ਨਾਂ ਵੀ ਸਹੀ, ਸਿਰਫ ਏਨਾਂ ਹੀ ਦੱਸ ਦੇਣ ਕਿ ਗੁਰੂ ਨਾਨਕ ਜੀ ਜਾਂ ਉਹਨਾਂ ਦਾ ਕੋਈ ਸਿੱਖ ਮਾਸ ਖਾਂਦਾ ਸੀ।
ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਕੀ ਸੀ, ਜਾਂ ਕੀ ਹੈ, ਜਾਂ ਗੁਰੂ ਨਾਨਕ ਦੇ ਸਿੱਖ ਕੀ ਖਾਦੇ ਸਨ, ,,,,,,,,,,,,, ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਹੀ ਵਿਸਥਾਰ ਨਾਲ ਹਰ ਸ਼ਬਦ, ਹਰ ਤੁਕ, ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਜਿਸ ਦੀ ਵਿਚਾਰ ਵੀ ਅਸੀਂ ਇਹਨਾਂ ਲੇਖਾਂ ਵਿੱਚ ਕਰਦੇ ਰਹਾਂ ਗੇ।
ਦੂਜੀ ਗੱਲ:- ਜੇ ਪਾਂਡੇ ਨੂੰ ਗੁਰੂ ਜੀ ਇਹ ਕਹਿ ਰਹੇ ਹਨ, ਕਿ “ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ” ਜੇ ਪਾਂਡਾ ਇਹ ਨਹੀਂ ਜਾਣਦਾ ਸੀ, ਕਿ ਮਾਸ ਕਿੱਥੋਂ ਪੈਦਾ ਹੋਇਆ ਹੈ। ਤਾਂ ਕੀ ਉਸ ਵੱਕਤ ਦਾ ਮਾਸ ਖਾਣ ਵਾਲਾ ਹਿੰਦੂ ਜਾਂ ਜਿਹੜਾ ਵੀ ਸੀ, (ਵਿਦਵਾਨਾਂ ਅਨੂੰਸਾਰ, ਜਿਸ ਦਾ ਕੇ ਪੱਖ ਗੁਰੂ ਨਾਨਕ ਦੇਵ ਜੀ ਨੇਂ ਪੂਰਿਆ ਸੀ) ਕੀ ਉਹ ਇਹ ਜਾਣਦਾ ਸੀ, ਕਿ ਮਾਸ ਕਿਥੋਂ ਪੈਦਾ ਹੋਇਆ ਹੈ? ? ।
ਇਸੇ ਹੀ ਤਰਾਂ ਜੇ ਗੁਰਬਾਣੀਂ ਦੀ ਇਹ ਕੜੀ “ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ” ਅਸੀਂ ਅੱਜ ਦੇ, ਮਾਸ ਖਾਣ ਦਾ ਵਿਰੋਧ ਕਰਨ ਵਾਲੇ ਸਿੱਖਾਂ (ਜਿੰਨ੍ਹਾਂ ਨੂੰ ਅਸੀਂ ਸਿੱਖੀ ਦੇ ਭੇਸ ਵਾਲੇ ਬ੍ਰਾਹਮਣ ਵੀ ਕਹਿੰਦੇ ਹਾਂ) ਤੇ ਘਟਾਈਏ, ਕਿ ਉਹ ਨਹੀਂ ਜਾਣਦੇ ਕਿ, ਮਾਸ ਕਿਥੋਂ ਪੈਦਾ ਹੋਇਆ ਹੈ, ਤਾਂ ਕੀ ਅੱਜ ਮਾਸ ਖਾਣ ਦੀ ,,,,,,,,, ਵਕਾਲਤ ਕਰਨ ਵਾਲੇ ਸਿੱਖ, (ਜਿਹੜੇ ਇਸ ਸ਼ਬਦ ਨੂੰ ਆਪਣੇਂ ਹੱਕ ਵਿੱਚ ਪੂਰਦੇ ਹਨ) ਕੀ ਉਹ ਇਹ ਜਾਣਦੇ ਹਨ ਕੇ ਮਾਸ ਕਿਥੋਂ ਪੈਦਾ ਹੋਇਆ ਹੈ? ? ? ? ? ? ? ਹੁਣ ਵਿਚਾਰਨ ਵਾਲੀ ਗੱਲ ਹੈ, ਕਿ ਪਾਂਡੇ ਨੂੰ ਤਾਂ ਗੁਰੂ ਜੀ ਨੇਂ ਇਹ ਸਵਾਲ ਕਰ ਦਿੱਤਾ, ਕਿ ਪਾਂਡੇ ਤੂੰ ਜਾਣਦਾ ਹੀ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ, ਪਰ ਗੁਰੂ ਨਾਨਕ ਜੀ ਨੇਂ ਇਸ ਬਾਰੇ, ਪੰਡਿਤ ਨੂੰ ਜਾਂ ਸਾਨੂੰ ਇਹ ਨਹੀਂ ਦੱਸਿਆ ਕੇ ਮਾਸ ਪੈਦਾ ਕਿਥੋਂ ਹੋਇਆ ਹੈ। (ਹੁਣ ਸਾਨੂੰ ਕਿਵੇਂ ਪਤਾ ਲੱਗੇ ਕੇ ਮਾਸ ਕਿੱਥੋਂ ਪੈਦਾ ਹੋਇਆ ਹੈ) ਜੇ ਕੋਈ ਜਾਣਦਾ ਹੈ ਤਾਂ ਦੱਸੋ,
ਜਿਵੇਂ ਕੇ ਸਾਡੇ ਵਿਦਵਾਨਾਂ ਨੇਂ ਇਸ ਸ਼ਬਦ ਦੇ ਇਹ ਅਰਥ ਤਾਂ ਕੱਢ ਲਏ, ਕਿ ਗੁਰੂ ਜੀ ਕਹਿ ਰਹੇ ਹਨ, ਕਿ ਮਾਸ ਇੱਕ ਭੋਜਨ ਹੈ, ਅਤੇ ਇਸ ਦੇ ਖਾਣ ਵਿੱਚ ਕੋਈ ਪਾਪ ਨਹੀਂ ਹੈ। ਇਸੇ ਤਰਾਂ ਉਹ ਸੱਜਣ ਵੀਰ ਪਹਿਲੇ ਇਹ ਦੱਸਣ, ਕੇ ਮਾਸ ਪੈਦਾ ਕਿੱਥੋਂ ਹੋਇਆ ਹੈ? ।
ਇਹ ਮੇਰਾ ਤਜਰਬਾ ਸਮਝ ਲਵੋ, ਜਾਂ ਮੇਰੀ ਆਪਣੀ ਰਾਇ ਸਮਝ ਲਵੋ। (ਕਿਉਂ ਕਿ ਥੋੜੀ ਬਹੁਤ ਆਪਣੀਂ ਰਾਇ ਦੇਣ ਦਾ ਹੱਕ ਤਾਂ ਮੈਨੂੰ ਵੀ ਹੋਣਾਂ ਚਾਹੀਦਾ ਹੈ) ਮੇਰਾ ਮੰਨਣਾਂ ਇਹ ਹੈ, ਕਿ ਜਿਹੜਾ ਸੱਚਮੁਚ ਇਹ ਜਾਣਦਾ ਹੋਵੇ, ਕਿ ਮਾਸ ਕਿਥੋਂ ਪੈਦਾ ਹੋਇਆ ਹੈ, ਉਸ ਦਾ ਖਾਧਾ ਪੀਤਾ ਸੱਭ ਪਵਿੱਤਰ ਹੈ। ਕੀ ਸਾਡੇ ਤੁਹਾਡੇ ਵਿਚੋਂ, ਕੀ ਕੋਈ ਜਾਣਦਾ ਹੈ, ਕੇ ਮਾਸ ਕਿਥੌਂ ਪੈਦਾ ਹੋਇਆਂ ਹੈ? ? ? ? ? ? ? । ਕੀ ਕੋਈ ਦੱਸੇ ਗਾ? ਇਹ ਬੜਾ ਅਹਿਮ ਸਵਾਲ ਹੈ ਅਤੇ ਕਈਆਂ ਨੂੰ ਲੱਗਦਾ ਹੋਵੇ ਗਾ, ਕਿ ਇਹ ਮੇਰਾ ਸਵਾਲ ਹੈ, ਅਤੇ ਮੈਂ ਇਹ ਸਵਾਲ ਦਾ ਐਵੇ ਫਜ਼ੂਲ ਵਿਚ, ਬਾਰ ਰੱਟਾ ਲਾਈ ਜਾ ਰਿਹਾ ਹਾਂ। ਪਰ ਵੀਰੋ ਇਹ ਸਵਾਲ ਮੇਰਾ ਨਹੀਂ, ਇਹ ਸਵਾਲ ਜਾਂ ਤਰਕ ਗੁਰੂ ਨਾਨਕ ਦੇਵ ਜੀ ਨੇਂ ਉਠਾਇਆ ਹੈ।
ਮਾਸ ਖਾਣ ਦੇ ਹੱਕ ਅਤੇ ਵਿਰੋਧ ਵਿੱਚ ਬਹੁਤ ਸਾਰੇ ਵਿਦਵਾਨ ਸਦੀਆਂ ਤੋਂ ਲਿਖਦੇ ਆਇ ਹਨ। ਦਾਸ ਨੇਂ ਮਾਸ ਖਾਣ ਦੇ ਹੱਕ ਵਿੱਚ ਲਿਖੇ ਕਈ/ਕੁੱਝ ਕੂ ਵਿਦਵਾਨਾਂ ਦੇ ਲੇਖ ਪੜ੍ਹੇ ਹਨ। ਕਿਸੇ ਇੱਕ ਲੇਖ ਮੈਂ ਪੜ੍ਹਿਆ ਸੀ, ਇਸ ਲੇਖ ਵਿੱਚ ਵਿਦਵਾਨ ਪਰਚਾਰਕ ਵੀਰ ਕਹਿ ਰਹੇ ਹਨ, ਕਿ ਪ੍ਰਭੂ ਦੇ ਭੋਜਨ ਵਾਲੇ ਨਿਯਮ ਵਿੱਚ ,,,,,,,,,,, ਮਾਸ ਨੂੰ ਭੋਜਨ ਦਾ ਰੂਪ ਦਿੱਤਾ ਹੈ।
ਪਰ ਮੈਂ ਦੇਖਿਆ ਹੈ ਕਿ ਜਿਹੜਾ ਭੋਜਨ ਖਾਣ ਵਾਸਤੇ ਗੁਰੂ ਨਾਨਕ ਜੀ ਕਹਿੰਦੇ ਹਨ, ਉਸ ਭੋਜਨ ਦਾ ਆਮ ਕਰਕੇ ਅਸੀਂ ਕਦੇ ਜਿਕਰ ਵੀ ਨਹੀਂ ਕਰਦੇ। ਜਿਵੇਂ ਕਿ ਗੁਰਬਾਣੀਂ ਦੀ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਦੱਸ ਰਹੇ ਹਨ। ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ ਮ: ੧ (ਇਹ ਹੈ ਗੁਰੂ ਨਾਨਕ ਦੇ ਸਿੱਖਾਂ ਦਾ ਅਸਲੀ ਭੋਜਨ, ਜੋ ਗੁਰੂ ਨਾਨਕ ਜੀ ਖੁਦ ਦੱਸ ਰਹੇ ਹਨ। ਠੇਠ ਪੰਜਾਬੀ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ। ਜੇ ਮਾਸ ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਹੁੰਦਾ, ਤਾਂ ਕੀ ਮਾਸ ਖਾਣ ਦੇ ਹੱਕ ਵਿੱਚ ਵੀ ਇਸ ਤਰਾਂ ਸਪੱਸ਼ਟ ਨਹੀਂ ਸਨ ਲਿਖ ਸੱਕਦੇ ਗੁਰੂ ਜੀ)
ਇਕ ਪ੍ਰਚਾਰਕ ਗਿਆਨੀਂ ਵੀਰ ਅਪਣੇਂ ਲੇਖ ਵਿੱਚ ਲਿਖਦੇ ਹਨ:- ਸਮਝਣ ਦੀ ਗੱਲ ਹੈ, ਕਰਤਾਰ ਦੀ ਰਚਨਾ `ਚ ਜਿਸ-ਜਿਸ ਵਸਤ ਨੂੰ ਵੀ ਭੋਜਨ ਦਾ ਰੂਪ ਦਿੱਤਾ ਗਿਆ ਹੈ ਉਹ ਮਨੁੱਖ ਨੇ ਨਹੀਂ ਬਲਕਿ ਸਾਰੇ ਭੋਜਨ ਪ੍ਰਭੂ ਨੇ ਆਪ ਹੀ ਘੜੇ ਹਨ। ਮਨੁੱਖ ਨੇ ਤਾਂ “ਮਾਸਾਹਾਰੀ-ਸ਼ਾਕਾਹਾਰੀ” ਵਾਲੀ ਵੰਡ ਕੇਵਲ ਆਪਣੇ ਹਿਸਾਬ ਨਾਲ ਕੀਤੀ ਹੈ, ਪ੍ਰਭੂ ਦੇ ਭੋਜਨ ਵਾਲੇ ਨਿਯਮ `ਚ ਇਸ ਦਾ ਕੌਡੀ ਮੁੱਲ ਨਹੀਂ। ਮਨੁੱਖ ਦੀ ਇਸ ਬਨਾਵਟੀ ਵੰਡ ਅਨੁਸਾਰ ਸ਼ੇਰ, ਬਘਿਆੜ, ਚੀਤੇ ਆਦਿ ਮਾਸਾਹਾਰੀ ਜਾਨਵਰ ਹਨ।ਜੋ ਕਿਸੇ ਦਾ ਮਨ ਕਰਦਾ ਹੈ ਲਿਖੀ ਜਾਂਦਾ ਹੈ। ਘੜਨ ਨੂੰ ਤਾਂ ,,,,,,,,,,, ਪ੍ਰਭੂ ਨੇਂ ਹੋਰ ਵੀ ਬਹੁਤ ਕੁੱਝ ਘੜਿਆ ਹੈ, ਬਲਿਕੇ ਸਾਰਾ ਕੁੱਝ ਘੜਿਆ ਹੀ ਪ੍ਰਭੂ ਨੇਂ ਆਪ ਹੈ। ਚੰਗਾ ਵੀ ਅਤੇ ਬੁਰਾ ਵੀ, ਕੀ ਉਹ ਵੀ ਸਾਰਾ ਕੁੱਝ ਹੀ ਵਰਤ ਜਾਂ ਖਾ ਲੈਣਾਂ ਚਾਹੀਦਾ ਹੈ।
ਨੋਟ:- ਉਹ ਬਾਕੀ ਦੀਆਂ ਵਸਤਾਂ, ਜੋ ਕਿ ਪ੍ਰਭੂ ਨੇਂ ਹੀ ਘੜੀਆਂ ਹਨ, ਪਰ ਜੇ ਅਸੀਂ ਉਸ ਨੂੰ ਬੁਰਾ ਮੰਨਦੇ ਹੋਈਏ। ਅਤੇ ਜੇ ਕਿਸੇ ਹੋਰ ਵੀਰ ਨੂੰ, ਉਹ ਬੁਰੀਆਂ ਵਸਤਾਂ ਖਾਣ ਜਾਂ ਵਰਤਣ ਤੋਂ ਅਸੀਂ ਮਨ੍ਹਾਂ ਕਰਨ ਦੀ ਮੱਤ ਦੇਣਾਂ ਚਾਹੁੰਦੇ ਹੋਈਏ। ਤਾਂ ਉਹ ਵੀਰ ਵੀ ਅਗੋਂ ਸਾਨੂੰ ਇਹੋ ਹੀ ਤਰਕ ਕਰ/ਦੇ ਸੱਕਦਾ ਹੈ, ਕਿ ਇਹ ਸਾਰਾ ਕੁੱਝ ਤਾਂ ਪ੍ਰਭੂ ਨੇਂ ਆਪ ਹੀ ਤਾਂ ਘੜਿਆ ਹੈ। ਜੇ ਇਸ ਨੂੰ ਵਰਤ ਜਾਂ ਖਾ ਨਹੀਂ ਸੱਕਦੇ, ਤਾਂ ਪ੍ਰਮਾਤਮਾਂ ਨੇਂ ਇਹ ਘੜੇ ਹੀ ਕਿਉਂ ਹਨ? ਤੁਸੀਂ ਮੂਰਖ ਹੋ ਜੋ ਪ੍ਰਭੂ ਦੇ ਨਿਯਮ ਦੇ ਉਲਟ ਚੱਲਦੇ ਹੋ। ਉਹ ਇਹ ਵੀ ਕਹਿ ਸੱਕਦਾ ਹੈ, ਕਿ ਕਿਸੇ ਵੀ ਚੀਜ ਨੂੰ ਖਾਣ ਜਾਂ ਵਰਤਨ ਦੀ ਬਨਾਵਟੀ ਵੰਡ ਮਨੁੱਖ ਨੇਂ ਆਪ ਹੀ ਕੀਤੀ ਹੈ। ਪ੍ਰਭੂ ਦੇ ਨਿਯਮਾਂ ਵਿੱਚ ਇਸ ਦਾ ਕੌਡੀ ਮੁੱਲ ਨਹੀਂ! ! ! ! ! ! !
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ