Breaking News
Home / ਮਨੋਰੰਜਨ / ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ ਵਲ ਬਹੁਤ ਹੀ ਮਨਮੋਹਕ ਪਹਾੜੀਆਂ ਦਾ ਵਾਸਾ ਹੈ। ਪਠਾਨਕੋਟ ਤੋਂ ਤਹਿਸੀਲ ਧਾਰਕਲਾਂ ਲਗਭਗ 23 ਕਿਲੋਮੀਟਰ ਦੂਰ ਪੈਂਦੀ ਹੈ। ਧਾਰ ਚੌਕ ਦੇ ਸੱਜੇ ਪਾਸੇ ਹੇਠਾਂ ਨੂੰ ਪਹਾੜ ਤੋਂ ਉਤਰਦੀ ਸੜਕ ਕਰਨਾਲ ਝੀਲ ਤਕ ਜਾਂਦੀ ਹੈ। ਇਹ ਝੀਲ ਧਾਰ ਕਲਾਂ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਪੈਂਦੀ ਹੈ। ਛੋਟੀਆਂ-ਛੋਟੀਆਂ ਪਹਾੜੀਆਂ ਦਾ ਸੁੰਦਰ ਇਲਾਕਾ ਹੈ। ਝੀਲ ਪਾਰ ਕਰ ਕੇ ਛੋਟੀ ਜਹੀ ਪਹਾੜੀ ਉਤੇ ਇਕ ਛੋਟਾ ਜਿਹਾ ਪਿੰਡ ਹੈ ਟੀਕਾ ਡਲਿਆਲ। ਇਸ ਇਲਾਕੇ ਨੂੰ ਕਹਿੰਦੇ ਹਨ ਮਿੰਨੀ ਕਸ਼ਮੀਰ। ਪਿੰਡ ਟੀਕਾ ਡਲਿਆਲ ਨੂੰ ਫ਼ੰਗੋਤਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਹੈ। ਇਸ ਇਲਾਕੇ ਵਲ ਕੁਦਰਤ ਦੇ ਗਹਿਣੇ ਪਾ ਕੇ ਜੰਨਤ ਦੀ ਮਿਸਾਲ ਪੈਦਾ ਕਰਦੀ ਹੈ। ਇਸ ਪਿੰਡ ਦੇ ਨਾਲ ਝੀਲ ਲਗਦੀ ਹੈ ਅਤੇ ਦੂਜੇ ਪਾਸੇ ਰਾਵੀ ਦਰਿਆ ਦੀ ਸੁੰਦਰਤਾ ਅਪਣੀ ਵਿਆਖਿਆ ਖ਼ੁਦ ਕਰਦੀ ਹੈ।ਰਾਵੀ ਰਣਜੀਤ ਸਾਗਰ ਡੈਮ ਨਾਲ ਜਾ ਮਿਲਦੀ ਹੈ ਅਤੇ ਅਪਣੇ ਜਲਵੇ ਨਾਲ ਬਿਜਲੀ ਪੈਦਾ ਕਰਦੀ ਹੈ।ਪਿੰਡ ਟੀਕਾ ਡਲਿਆਲ ਦੇ ਦਰਮਿਆਨ ਲਗਭਗ ਦੋ ਹਜ਼ਾਰ ਏਕੜ ਦੇ ਕਰੀਬ ਸਮਤਲ ਜ਼ਮੀਨ ਹੈ ਜੋ ਰਾਵੀ ਦਰਿਆ ਦੇ ਨਾਲ ਖਹਿੰਦੀ ਹੈ ਅਤੇ ਇਹ ਜ਼ਮੀਨ ਚਾਰ ਚੁਫ਼ੇਰਿਉਂ ਪਹਾਣੀ ਨਾਲ ਘਿਰੀ ਪਈ ਹੈ।ਇਸ ਸਮਤਲ ਜ਼ਮੀਨ ਵਿਚ ਕਿਸੇ ਸਮੇਂ ਵਸਦਾ-ਰਸਦਾ ਪਿੰਡ ਫੰਗੋਤਾ ਸੀ, ਜਿਸ ਨੂੰ ਡੈਮ ਬਣਨ ਕਰ ਕੇ ਖ਼ਾਲੀ ਕਰਵਾ ਲਿਆ ਗਿਆ। ਹੁਣ ਇਹ ਸਮਤਲ ਮੈਦਾਨ ਹੈ।

ਦਸਿਆ ਜਾਂਦਾ ਹੈ ਕਿ ਇਸ ਜ਼ਮੀਨ ਵਿਚ ਪੱਥਰ ਵੀ ਉਗ ਪੈਂਦੇ ਹਨ। ਇਸ ਇਲਾਕੇ ਦੀ ਜ਼ਮੀਨ ਬਹੁਤ ਉਪਜਾਊ ਸੀ। ਪਿੰਡ ਟੀਮ ਡਲਿਆਲ ਤਕ ਜਾਣ ਲਈ ਝੀਲ ਵਿਚ ਬੇੜੀਆਂ ਪੈਂਦੀਆਂ ਹਨ। ਇਹ ਬੇੜੀਆਂ ਡੀਜ਼ਲ ਇੰਜਣ ਨਾਲ ਅਤੇ ਚੱਪੂਆਂ ਨਾਲ ਚਲਦੀਆਂ ਹਨ। ਇਨ੍ਹਾਂ ਬੇੜੀਆਂ ਵਿਚ ਸਫ਼ਰ ਕਰਨ ਦਾ ਮਜ਼ਾ ਵੀ ਅਪਣਾ ਹੀ ਹੈ। ਖ਼ਾਸ ਕਰ ਕੇ ਬੱਚਿਆਂ ਲਈ ਇਹ ਸਥਾਨ ਵੇਖਣਯੋਗ ਹੈ। ਮਿੰਨੀ ਕਸ਼ਮੀਰ ਨੂੰ ਇਕ ਦੂਜਾ ਰਸਤਾ ਵੀ ਜਾਂਦਾ ਹੈ ਜੋ ਕੁੱਝ ਲੰਮਾ ਹੈ ਅਤੇ ਏਨਾ ਮਜ਼ੇਦਾਰ ਨਹੀਂ ਕਿਉਂਕਿ ਉਸ ਰਸਤੇ ਝੀਲ ਨਹੀਂ ਪੈਂਦੀ। ਉਹ ਦੁਨੇਰੇ ਤੋਂ ਟੀਕਾ ਡਲਿਆਲ ਨੂੰ ਜਾਂਦਾ ਹੈ ਪਰ ਧਾਰਕਲਾਂ ਤੋਂ ਟੀਕਾ ਡਲਿਆਲ ਜਾਣ ਦਾ ਰਸਤਾ ਹੀ ਮਨੋਰੰਜਕ ਦ੍ਰਿਸ਼ਮਈ ਹੈ। ਇਕ ਮੰਦਰ ਦੇ ਹੇਠਲੇ ਪਾਸੇ ਘਰਾਂ ਦੇ ਨਜ਼ਦੀਕ ਉੱਚੇ ਉੱਚੇ ਫੱਲ ਭਰਪੂਰ ਖਜੂਰਾਂ ਦੇ ਰੁੱਖ ਬਹੁਤ ਸੁੰਦਰ ਦ੍ਰਿਸ਼ ਬਣਾਉਂਦੇ ਹਨ।ਇਸ ਸਮਤਲ ਮੈਦਾਨ ਵਿਚ ਪੈਰਾਸ਼ੂਟ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ।

ਅਤਿ ਗਰਮੀ ਦੇ ਦਿਨਾਂ ਵਿਚ ਵੀ ਰਾਤ ਨੂੰ ਰਜਾਈ ਲੈ ਕੇ ਸੌਣਾ ਪੈਂਦਾ ਹੈ।ਇਹ ਇਲਾਕਾ ਕਸ਼ਮੀਰ ਤੋਂ ਘੱਟ ਨਹੀਂ। ਝੀਲ ਲਗਭਗ ਤਿੰਨ ਸੌ ਮੀਟਰ ਚੌੜੀ ਅਤੇ ਲਗਭਗ ਪੰਜ ਸੌ ਫ਼ੁਟ ਡੂੰਘੀ ਹੈ। ਇਥੋਂ ਲਗਭਗ ਅੱਠ ਕਿਲੋਮੀਟਰ ਦੂਰ ਹੈ ਰਣਜੀਤ ਸਾਗਰ ਡੈਮ। ਇਸ ਝੀਲ ਵਿਚ ਬੇੜੀ ਸਵੇਰੇ 6 ਵਜੇ ਤੋਂ ਲੈ ਕੇ ਸੂਰਜ ਡੁੱਬਣ ਤਕ ਪੈਂਦੀ ਹੈ। ਇਕ ਸਵਾਰੀ ਦੇ ਪੰਜ ਰੁਪਏ ਲੈਂਦੇ ਹਨ। ਇਸ ਪਿੰਡ ਦੀ ਆਬਾਦੀ ਲਗਭਗ ਸੌ ਦੇ ਕਰੀਬ ਹੈ। ਰਾਵੀ ਦਰਿਆ ਦਾ ਸਰਕਾਰੀ ਠੇਕਾ ਚੜ੍ਹਦਾ ਹੈ। ਇਸ ਸਾਲ ਇਸ ਦਾ ਠੇਕਾ ਚਾਰ ਲੱਖ 55 ਹਜ਼ਾਰ ਹੈ। ਇਸ ਦਰਿਆ ਵਿਚ ਮਹਾਂਸ਼ੇਰ ਮੱਤੀ, ਗਲਕਾ ਅਤੇ ਗੋਲਡਨ ਮੱਛੀ ਹੀ ਪਲਦੀ ਹੈ। ਇਸ ਇਲਾਕੇ ਦੀ ਜਾਣਕਾਰੀ ਦੇਂਦਿਆਂ ਠੇਕੇਦਾਰ ਮਨਮੋਹਨ ਸਿੰਘ, ਕਰਤਾਰ ਸਿੰਘ ਅਤੇ ਪੁਜਾਰੀ ਬਿਸ਼ਨ ਦਾਸ ਨੇ ਦਸਿਆ ਕਿ ਪਠਾਨਕੋਟ ਤਹਿਸੀਲ ਦਾ ਪਹਾੜੀ ਇਲਾਕਾ ਚੱਕੀ ਦਰਿਆ ਤੋਂ ਦੁਨੇਰੇ ਤਕ ਲਗਭਗ 50 ਕਿਲੋਮੀਟਰ ਪੈ ਜਾਂਦਾ ਹੈ। ਦੁਨੇਰੇ ਦੇ ਸਰਕਾਰੀ ਕਟੋਰੀ ਬੰਗਲੇ ਦੀ ਹੱਦ ਹਿਮਾਚਲ ਪ੍ਰਦੇਸ਼ ਨਾਲ ਜਾ ਮਿਲਦੀ ਹੈ। ਇਥੋਂ ਡਲਹੌਜ਼ੀ ਕੁੱਝ ਕਿਲੋਮੀਟਰ ਦੀ ਦੂਰੀ ਤੇ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਹ ਚੀਜਾਂ ਜਿਸ ਘਰ ਵਿੱਚ ਹੁੰਦੀਆਂ ਹਨ ਉੱਥੇ ਕਦੇ ਨਹੀਂ ਰਹਿੰਦੇ ਪੈਸਾ ਅਤੇ ਸੁਖ..!!.

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ਵਸਤੂਸ਼ਾਸਤਰ  ਦੇ ਅਨੁਸਾਰ ਘਰ ਵਿੱਚ ਕੁੱਝ ਅਜਿਹੀਆਂ …

error: Content is protected !!