ਮੇਰਾ ਨਾਂ ਹੈ ਵਿਗਿਆਨ ਜਾਂ ਸਾਇੰਸ। ਅਜੋਕੇ ਯੁੱਗ ਦੀ ਤਰੱਕੀ ਤੇ ਵਿਕਾਸ ਦੀ ਜਿੰਮੇਵਾਰ ਹਾਂ ਮੈਂ। ਹਰ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਪ੍ਰਾਣੀ, ਕਿਵੇਂ ਨਾ ਕਿਵੇਂ, ਮੇਰੇ ਅਸੂਲਾਂ ਤੇ ਸਦਾ ਹੀ ਚਲਦਾ ਹੈ। ਮੈਂ ਹਰ ਇੱਕ ਦੀ ਹਾਂ –ਬਿਨਾਂ ਕਿਸੇ ਰੰਗ, ਜਾਤ, ਨਸਲ, ਸਥਾਨ, ਭਾਸ਼ਾ ,,,, ਤੇ ਧਰਮ ਦੇ ਭਿੰਨ ਭਾਵ ਤੋਂ। ਮੇਰੇ ਸਿਧਾਂਤ ਇੰਗਲੈਂਡ ਵਿੱਚ ਵੀ ਓਹੀ ਹਨ ਤੇ ਭਾਰਤ ਵਿੱਚ ਵੀ। ਮੈਂ ਬ੍ਰਾਹਮਣ ਲਈ ਵੀ ਤੇ ਸੂਦਰਾਂ ਲਈ ਵੀ ਇੱਕੋ ਜਿਹੀ ਕਾਢ ਦਿੱਤੀ ਹੈ। ਕਾਲਿਆਂ ਤੇ ਗੋਰਿਆਂ, ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਹਰ ਅਮੀਰ ਤੇ ਗਰੀਬ ਲਈ ਮੈਂ ਕੁੱਝ ਕੀਤਾ ਹੈ,,,, ਮੈਨੂੰ ਇਜ ਹੰਕਾਰ ਬਿਲਕੁਲ ਨਹੀਂ ਪਰ ‘ਮਾਣ’ ਜਰੂਰ ਹੈ
ਕਿ ਮੈਂ ਥੋੜੇ ਸਮੇਂ ਵਿੱਚ ਸਮੂਹ ਪ੍ਰਾਣੀਆਂ ਨੂੰ ਖਾਸ ਕਰਕੇ ਮਨੁੱਖ ਜਾਤੀ ਨੂੰ ਕਾਫ਼ੀ ਸਹੂਲਤਾਂ ਦੇ ਸਕੀ ਹਾਂ। ਇਸ ਦੀ ਸੇਵਾ ਕਰਦੀ ਸੀ, ਕਰਦੀ ਹਾਂ ਅਤੇ ਕਰਦੀ ਰਹਾਂਗੀ। ਪਰ ਮੇਰੇ ਹੀ ਪੁੱਤਰ ਜਦੋਂ ਬਾਗੀ ਹੋ ਜਾਣ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਆਪਣੀ ਦੁੱਖ ਭਰੀ ਕਹਾਣੀ ਸੁਣਾਨ ਲਈ-ਆਪਣੀ,,,,, ਸ਼ਿਕਾਇਤ ਸਾਂਝੀ ਕਰਨ ਲਈ ਮੈਨੂੰ ਜਰਾ ਕੁ ਪਿੱਛੇ ਤੋਂ ਚਲਣਾ ਪਵੇਗਾ। ਸੰਖੇਪ, ਅਤਿ ਸੰਖੇਪ ਅਤੇ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਮੈਂ ਆਖਣਾ ਚਾਹਾਂਗੀ ਕਿ ‘ਆਦਮ’ ਤੋਂ ਲੈ ਕੇ ‘ਆਧੁਨਿਕ ਮਨੁੱਖ’ ਤੱਕ ਨੇ ਮੇਰੇ ਕਿੰਨੇ ਹੀ ਸਿਧਾਂਤ ਖੋਜੇ। ਮੈਨੂੰ ਪਰਦੇ ਤੇ ਲਿਆਂਦਾ। ਅਜੇ ਵੀ ਖੋਜ ਕਰ ਰਿਹੈ ਇਹ ਮਨੁੱਖ,,,,,, ਅਤੇ ਮੇਰੀਆਂ ਲੁਕਵੀਆਂ ਗੰਢਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਇਹ ਦ੍ਰਿੜਤਾ ਨਾਲ ਕੋਈ ਗੁੰਝਲ ਖੋਲ੍ਹ ਦਿੰਦਾ ਹੈ। ਮੈਨੂੰ ਆਪਣੇ ਪੁੱਤਰਾਂ ਤੇ, ਖੋਜੀਆਂ ਤੇ ਮਾਣ ਹੈ। ਇਨ੍ਹਾਂ ਦੀ ਲਗਨ ਸਦਕਾ ਹੀ ਮੈਂ ਅਗਾਂਹ ਆ ਸਕੀ ਹਾਂ ਅਤੇ ਇਹ ਅਜੇ ਵੀ ਇਸ ‘ਸੱਚ ਦੇ ਮਾਰਗ’ ਤੇ ਲੱਗੇ ਹੋਏ ਹਨ। … …
ਭਾਵੇਂ ਕੁੱਲ ਦੁਨੀਆਂ ਮੇਰੀਆਂ ਕਾਢਾਂ ਦੀ ਵਰਤੋਂ ਕਰ ਰਹੀ ਹੈ ਤੇ ਕਰਦੀ ਰਵੇਗੀ ਵੀ, ਪਰ ਮੇਰੇ ਪੱਲੇ ਫਿਰ ਵੀ ਬਦਨਾਮੀ। ਮੇਰੇ ਪੁੱਤਰਾਂ ਨੇ ਸੱਚ ਦੇ ਨਿਯਮ ਲੱਭਣ ਲਈ ਆਪਣੀਆਂ ਜਿੰਦਗੀਆਂ ਗਾਲ ਦਿੱਤੀਆਂ, ਕਿੰਨੇ ਕਿੰਨੇ ਕੀਮਤੀ ਵਰ੍ਹੇ ਲਗਾਏ ਹਨ, ਪਰ ਫਿਰ ਵੀ ਉਨ੍ਹਾਂ ਦਾ ਨਾਂ ਮਾਣ ਨਾਲ ਨਹੀਂ ਲਿਆ ਜਾਂਦਾ। ਕਿਉਂ, ਆਖਰ ਕਿਉਂ? ,,,,,, ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਲੋਕ ਜਾਂ ਇਉਂ ਕਹੋ ਕਿ ਧਰਮ ਦੇ ਠੇਕੇਦਾਰ ਤਾਂ ਮੇਰੇ ਮਗਰ ਹੱਥ ਧੋ ਕੇ ਹੀ ਪਏ ਹੋਏ ਹਨ। ਇਹਨਾਂ ਨੇ ਸੁਰੂ ਤੋਂ ਹੀ ਮੇਰੀ ਵਿਰੋਧਤਾ ਕੀਤੀ ਹੈ, ਅੱਜ ਵੀ ਕਰ ਰਹੇ ਹਨ। ਇਹ ਨਿਹੋਰਾ ਅਸਲ ਵਿੱਚ ਮੈਂ ਆਪਣੇ ਇਨ੍ਹਾਂ ਵੀਰਾਂ ਨੂੰ ਹੀ ਦੇ ਰਹੀ ਹਾਂ। ਇਹਨਾਂ ਅਖੌਤੀ ਧਰਮੀਆਂ ਨੇ ਮੇਰੇ ਪੁੱਤਰਾਂ ਗੈਲੀਲੀਓ, ਕਾਪਰਨੀਕਸ ਅਤੇ ਬਰੂਨੋ ਨੂੰ ਬਹੁਤ ਸਤਾਇਆ।
ਗੈਲੀਲੀਓ ਦੇ ਇਹ ਕਹਿਣ ਤੇ ਕਿ ਧਰਤੀ ਘੁੰਮਦੀ ਹੈ, ਇਨ੍ਹਾਂ ਨੇ ਉਸ ਦੀਆਂ ਉਹ ਅੱਖਾਂ ਹੀ ਕਢਵਾ ਦਿੱਤੀਆਂ ਜਿਨਾਂ ਨਾਲ ਉਹ ਦੁਨੀਆਂ ਦੇਖਦਾ ਸੀ। ਕਾਪਰਨੀਕਸ ਤੇ ਬਰੂਨੋ ਨੂੰ ਵੀ ਬਹੁਤ ਕਸ਼ਟ ਦਿੱਤੇ ਗਏ। ਪਰ ਕੀ ਇਹ ਸਫਲ ਹੋ ਸਕੇ? ? ਕੀ ਸੱਚ ਤੇ ਪਰਦਾ ਪਾਇਆ ਜਾ ਸਕਿਆ? ? ਮੇਰੇ ਪੁੱਤਰਾਂ ਨੇ ਧਰਤੀ ਨੂੰ ਘੁੰਮਦੀ ਹੋਈ ਵੀ ਦਿਖਾ ਦਿੱਤਾ। ਸੱਚ ਨੂੰ ਲੱਭਦਿਆਂ ਇਹਨਾਂ ਵਿਗਿਆਨਕਾਂ ਨੇ ਤਸੀਹਿਆਂ ਦੀ ਪਰਵਾਹ ਨਹੀਂ ਕੀਤੀ। ਹੁਣ ਚੰਦ ਵਿੱਚ ਕੋਈ ਬੁੱਢੀ ਚਰਖਾ ਕਿਉਂ ਨਹੀਂ ,,,, ਕੱਤਦੀ? ? ਕਿਉਂ ਨਹੀਂ ਹੁਣ ਧਰਤੀ ਕਿਸੇ ਬਲਦ ਦੇ ਸਿੰਗ ਤੇ ਚੁੱਕੀ ਹੋਈ? ,,,,, ਸਿਰਫ਼ ਇਸ ਕਰਕੇ ਕਿ ਇਨ੍ਹਾਂ ਪ੍ਰਤੱਖ ਦਿਖਾ ਦਿੱਤਾ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਕੌਣ ਝੁਠਲਾ ਸਕਦਾ ਹੈ ਸਚਾਈਆਂ ਨੂੰ? ? ? ਮੈਨੂੰ ਡਰ ਹੈ ਕਿ ਮੇਰੀ ਗੱਲ ਲੰਬੀ ਨਾ ਹੋ ਜਾਵੇ। ਦਿਲ ਤਾਂ ਚਾਹੁੰਦਾ ਹੈ ਕਿ ਇੱਕ ਇੱਕ ਕਰਕੇ ਆਪਣੇ ਸਿਧਾਂਤ ਸਮਝਾਵਾਂ, ਆਪਣੀਆਂ ਖੋਜਾਂ ਦਿਖਾਵਾਂ ਤੇ ਪੁੱਛਾਂ ਕਿ ਹੁਣ ਦੱਸੋ ਕੀ ਆਂਹਦੇ ਹੋ?
ਅਸਲ ਵਿੱਚ ਇਨ੍ਹਾਂ ਦੀ ਆਪਣੀ ਅੱਖ ਤੇ ਪਰਦਾ ਪਿਆ ਹੋਇਆ ਹੈ। ਇਹ ਮੇਰੇ ਮਾਲਿਕ (ਪ੍ਰਭੂ) ਨੂੰ ਸਿਰਫ ਤੇ ਸਿਰਫ਼ ਆਪਣਾ ਮਾਲਿਕ ਬਣਾਉਣਾ ਚਾਹੁੰਦੇ ਨੇ। ਕੀ ਕੋਈ ਉਸ ਅਗੰਮੀ, ਅਥਾਹ, ਅਸੀਮ ਸ਼ਕਤੀ ਨੂੰ ਕੇਦ ਕਰ ਸਕਦਾ ਹੈ? ਹਰਗਿਜ਼ ਨਹੀਂ। ਇਨ੍ਹਾਂ ਮੇਰੇ ਪਰਮ-ਪਿਤਾ, ਮੇਰੇ ਗੁਰੁ, ਮੇਰੇ ਪਤੀ, ਮੇਰੇ ਮਾਲਿਕ ਮੇਰੇ ਸਭ ਕੁੱਝ ਨੂੰ ਕੁੱਝ ਇੱਕ ਸਿਧਾਂਤਾਂ ,,,,, ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੁਨੀਆਂ ਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਮੂਲ-ਆਪਣੇ ਪਤੀ ਦੇ ਚਰਨਾਂ ਤੋਂ ਟੁੱਟੀ ਹੋਈ ਹਾਂ। ਇਹਨਾਂ ਮੈਨੂੰ ਸਿਰਫ਼ ਮਾਦਾ ਆਖ ਕੇ ਮੇਰਾ ਅਪਮਾਨ ਕੀਤਾ। ਮੇਰੇ ਪ੍ਰਭੂ ਨੂੰ ਸਿਰਫ਼ ਸੂਖਮ ਅਰਥਾਂ ਵਿੱਚ ਲੈ ਕੇ ਮੇਰੇ ਮਾਲਿਕ ਦੀ ਨਿਰਾਦਰੀ ਕੀਤੀ। ਮੇਰੇ ਹਿਰਦੇ ਵਿੱਚ ਇੱਕ ਭਾਂਬੜ ਜਿਹਾ ਲੱਗਿਆ ਹੋਇਆ ਹੈ ਅਤੇ ਮੈਂ ਲਲਕਾਰ ਕੇ, ਵੰਗਾਰ ਕੇ ਅਤੇ ਡੰਕੇ ਦੀ ਚੋਟ ਤੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਤਾਂ ਸਿਰਫ਼ ਆਪਣੇ ਪਤੀ ਦੇ ਚਰਨਾਂ ਦੀ ਦਾਸੀ ਹਾਂ। ਬੱਸ ਉਸ ਵਾਂਗ ਹੀ ਸਰਬ ਸਾਂਝੀ ਵੀ ਹਾਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ